-
Bastivaad, Uttar Bastivaad Te Punjabi Natak
Author – Dr. Gursewak Lambi
Published By – Saptrishi Publications
Subject – Criticismਗੁਰਸੇਵਕ ਲੰਬੀ ਦੀ ਸਮੀਖਿਆ ਦ੍ਰਿਸ਼ਟੀ ਵਿਚ ਉਸ ਸਿਧਾਂਤਕ ਸਮਝ ਦੀ ਮੌਜੂਦਗੀ ਹੈ ਜਿਹੜੀ ਉਸ ਨੂੰ ਬਸਤੀਵਾਦ ਤੇ ਉੱਤਰ ਬਸਤੀਵਾਦ ਦਾ ਵਿਧੀਵਤ ਅਧਿਐਨ ਕਰਦਿਆਂ ਪ੍ਰਾਪਤ ਹੋਈ ਹੈ। ਗੁਰਸੇਵਕ ਲੰਬੀ ਦੀ ਇਸ ਸਮਝ ਦੇ ਦਖਲ ਨੇ ਹੀ ਉਸ ਨੂੰ ਪੰਜਾਬੀ ਨਾਟ-ਚਿੰਤਨ ਅਤੇ ਪੰਜਾਬੀ ਨਾਟ-ਚੇਤਨਾ ਦਾ ਹਮਸਫ਼ਰ ਬਣਾਇਆ ਹੈ। ਸਿੱਟੇ ਵਜੋਂ ਉਹ ਕੁਝ ਸਾਰਥਕ ਧਾਰਨਾਵਾਂ ਪ੍ਰਸਤੁਤ ਕਰਨ ਦੇ ਸਮਰੱਥ ਹੋਇਆ ਹੈ ਜਿਨ੍ਹਾਂ ਰਾਹੀਂ ਬਸਤੀਵਾਦ, ਉੱਤਰ ਬਸਤੀਵਾਦ ਤੇ ਪੰਜਾਬੀ ਨਾਟਕ ਦੇ ਅੰਤਰ-ਸਰੋਕਾਰਾਂ ਨੂੰ ਸਮਝਣ ਉਪਰੰਤ ਉਹ ਇਸ ਸਿੱਟੇ ‘ਤੇ ਪੁੱਜਿਆ ਹੈ ਕਿ ਯੂਰਪ ਵਿਚ ਆਈ ਉਦਯੋਗਿਕ ਕ੍ਰਾਂਤੀ ਨਾਲ ਸੰਸਾਰ ਵਿਚ ਬਸਤੀਵਾਦ ਦਾ ਜਿਹੜਾ ਵਰਤਾਰਾ ਆਰੰਭ ਹੋਇਆ ਉਸ ਅਧੀਨ ਸੰਸਾਰ ਦੇ ਅਵਿਕਸਿਤ ਮੁਲਕਾਂ ਨੇ ਸਾਮਰਾਜੀ ਮੁਲਕਾਂ ਦੀ ਗੁਲਾਮੀ ਭੋਗੀ। ਲੇਕਿਨ ਬਸਤੀਵਾਦ ਰਾਹੀਂ ਪਰੋਖ ਰੂਪ ਵਿਚ ਫੈਲੇ ਪੱਛਮੀ ਪ੍ਰਭਾਵ ਅਧੀਨ ਵਿਕਸਿਤ ਹੋਈ ਵਿੱਦਿਅਕ ਚੇਤਨਾ ਕਾਰਨ ਲੋਕ ਚੇਤਨ ਹੋਏ ਅਤੇ ਅਵਿਕਸਿਤ ਮੁਲਕਾਂ ਦੇ ਲੋਕਾਂ ਵਿਚ ਰਾਸ਼ਟਰਵਾਦੀ ਭਾਵਨਾ ਪੈਦਾ ਹੋਈ ਤੇ ਉਨ੍ਹਾਂ ਨੇ ਬਸਤੀਵਾਦ ਦੀ ਗੁਲਾਮੀ ਤੋਂ ਨਿਜਾਤ ਲੈਣ ਲਈ ਸੰਘਰਸ਼ ਆਰੰਭੇ। ਜਿਸ ਕਾਰਨ ਬਸਤੀਵਾਦ ਦੇ ਖਾਤਮੇ ਤੋਂ ਬਾਅਦ ਸਾਮਰਾਜੀ ਮੁਲਕ ਆਪਣੇ ਬਸਤੀਵਾਦੀ ਗਲਬੇ ਨੂੰ ਨਵੇਂ ਰੂਪ ਵਿਚ ਅਮਲ ਵਿਚ ਲਿਆਉਂਦੇ ਹਨ। ਇਉਂ ਨਵ-ਬਸਤੀਵਾਦ/ਉੱਤਰ ਬਸਤੀਵਾਦ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ। ਅਜੋਕੇ ਦੌਰ ਵਿਚ ਭਾਰਤ ਵਿਕਾਸਸ਼ੀਲ ਦੇਸ਼ ਹੋਣ ਕਰਕੇ ਉੱਤਰ ਬਸਤੀਵਾਦੀ ਗੁਲਾਮੀ ਨੂੰ ਭੋਗ ਰਿਹਾ ਹੈ। ਸਾਹਿਤ ਦੇ ਵੱਖ ਵੱਖ ਰੂਪ ਸਮਕਾਲੀ ਸਮੇਂ ਦੇ ਇਸ ਵਰਤਾਰੇ ਨੂੰ ਕੇਂਦਰ ਵਿਚ ਰੱਖਦੇ ਹਨ ਜਿਸ ਅਧੀਨ ਪੰਜਾਬੀ ਨਾਟਕ ਬਸਤੀਵਾਦ ਅਤੇ ਉੱਤਰ ਬਸਤੀਵਾਦ ਦੇ ਪ੍ਰਭਾਵਾਂ ਦੀ ਨਾ ਕੇਵਲ ਸਟੀਕ ਪੇਸ਼ਕਾਰੀ ਕਰਦਾ ਹੈ ਬਲਕਿ ਪੂਰੀ ਵੀਹਵੀਂ ਸਦੀ ਅਤੇ ਇੱਕੀਵੀਂ ਸਦੀ ਦੇ ਪਿਛਲੇ ਦੋ ਦਹਾਕਿਆਂ ਦੌਰਾਨ ਇਨ੍ਹਾਂ ਪ੍ਰਭਾਵਾਂ ਦੀ ਪੇਸ਼ਕਾਰੀ ਕਰਦਾ ਹੋਇਆ ਪੰਜਾਬੀ ਜਨ-ਜੀਵਨ ਵਿਚ ਸਮਾਜਿਕ ਚੇਤਨਾ ਦੀ ਉਸਾਰੀ ਵਿਚ ਵੀ ਭੂਮਿਕਾ ਨਿਭਾਉਂਦਾ ਹੈ।
-ਸਤੀਸ਼ ਕੁਮਾਰ ਵਰਮਾ