-
Darshnik Kavi Te Samikhyak Haribhajan Singh
Author Name – Charandeep Singh (Dr.)
Published By – Saptrishi Publications
Subject – Literatureਡਾ. ਚਰਨਦੀਪ ਸਿੰਘ ਮੇਰੇ ਬਹੁਤ ਮਿਹਨਤੀ ਅਤੇ ਜ਼ਹੀਨ ਵਿਦਿਆਰਥੀਆਂ ਵਿੱਚੋਂ ਹੈ। ਉਹ ਪੰਜਾਬੀ ਦਲਿਤ ਸਾਹਿਤ ਅਤੇ ਦਲਿਤ ਚਿੰਤਨ ਬਾਰੇ ਪ੍ਰਮਾਣਿਕ ਖੋਜ ਕਰਨ ਵਾਲੇ ਮੁਢਲੇ ਖੋਜੀਆਂ ਵਿੱਚੋਂ ਹੈ। ਉਸ ਨੇ ਭਾਰਤੀ ਵਰਣ-ਵਿਵਸਥਾ ਦੇ ਵਿਚਾਰਧਾਰਕ ਖਾਸੇ ਦੀ ਸਿਧਾਂਤਕੀ ਅਤੇ ਵਿਵਹਾਰ ਨੂੰ ਬੇਨਕਾਬ ਕੀਤਾ ਹੈ। ਉਹ ਭਾਰਤ ਦੀਆਂ ਦਾਰਸ਼ਨਿਕ ਪਰੰਪਰਾਵਾਂ ਤੇ ਧਰਮ-ਸ਼ਾਸਤਰੀ ਚਿੰਤਨ ਦਾ ਸਹੀ ਇਤਿਹਾਸਕ ਪ੍ਰਸੰਗ ਵਿੱਚ ਮੁਲਾਂਕਣ ਕਰਦਾ ਹੈ। ਉਸ ਨੇ ਹਾਸ਼ੀਏ ਦੇ ਸਮਾਜ ਅਤੇ ਖ਼ਾਸ ਕਰਕੇ ਦਲਿਤ ਭਾਈਚਾਰੇ ਦੇ ਗੂੰਗੇ ਬਿਰਤਾਂਤ ਨੂੰ ਆਪਣੀ ਪਲੇਠੀ ਪੁਸਤਕ ‘ਦਲਿਤ ਸਰੋਕਾਰ ਅਤੇ ਸਾਹਿਤ’ ਵਿੱਚ ਜ਼ੁਬਾਨ ਦਿੱਤੀ ਹੈ।
ਉਸ ਦੀ ਹਥਲੀ ਪੁਸਤਕ ‘ਦਾਰਸ਼ਨਿਕ ਕਵੀ ਤੇ ਸਮੀਖਿਅਕ ਹਰਿਭਜਨ ਸਿੰਘ’ ਪੰਜਾਬੀ ਰਚਨਾਤਮਕਤਾ ਅਤੇ ਚਿੰਤਨ ਦੇ ਸਿਖਰਲੇ
‘ਸਿੱਧ-ਪੁਰਸ਼’ ਡਾ. ਹਰਿਭਜਨ ਸਿੰਘ ਦੀ ਰਚਨਾ ਦੇ ਪੁਨਰ ਚਿੰਤਨ ਨਾਲ ਸੰਬੰਧਤ ਹੈ। ਇਸ ਸੰਪਾਦਤ ਪੁਸਤਕ ਵਿੱਚ ਉਸ ਨੇ ਹਰਿਭਜਨ ਸਿੰਘ ਦੇ ਸਮਕਾਲੀਆਂ ਸਮੇਤ ਪੰਜਾਬੀ ਦੇ ਨਵੇਂ ਉੱਭਰ ਰਹੇ ਆਲੋਚਕਾਂ ਦੀਆਂ ਹਰਿਭਜਨ ਸਿੰਘ ਦੇ ਰਚਨਾ ਸੰਸਾਰ ਬਾਰੇ ਪੜ੍ਹਤਾਂ ਨੂੰ ਸ਼ਾਮਲ ਕੀਤਾ ਹੈ। ਡਾ. ਚਰਨਦੀਪ ਸਿੰਘ ਆਪਣੇ ਅਧਿਐਨ-ਵਿਸ਼ਲੇਸ਼ਣ ਵਿੱਚ ਖ਼ਾਸਾ ਬੇਲਿਹਾਜ਼ ਹੈ। ਇਹ ਪੁਸਤਕ ਪੰਜਾਬੀ ਆਲੋਚਨਾਤਮਕ ਸਾਹਿਤ ਅਤੇ ਚਿੰਤਨ ਦੇ ਇੱਕ ਗਹਿਰ-ਗੰਭੀਰ ਦਾਨਿਸ਼ਵਰ ਦੀਆਂ ਲਿਖਤਾਂ ਨਾਲ ਸੰਜੀਦਾ ਸੰਵਾਦ ਹੈ। ਮੇਰਾ ਵਿਸ਼ਵਾਸ ਹੈ ਕਿ ਡਾ. ਚਰਨਦੀਪ ਸਿੰਘ ਦੀ ਇਹ ਪੁਸਤਕ ਡਾ. ਹਰਿਭਜਨ ਸਿੰਘ ਦੇ ਸਾਹਿਤ ਅਤੇ ਚਿੰਤਨ ਬਾਰੇ ਸਾਨੂੰ ਆਪਣੀਆਂ ਪੂਰਵ ਧਾਰਨਾਵਾਂ ਤੋਂ ਮੁਕਤ ਹੋ ਕੇ ਮੁੜ ਕੇ ਸੋਚਣ ਲਈ ਉਕਸਾਏਗੀ। ਇਸ ਪੁਸਤਕ ਨੂੰ ਜੀ ਆਇਆਂ ਕਹਿਣਾ ਬਣਦਾ ਹੈ।
ਡਾ. ਸੁਖਦੇਵ ਸਿੰਘ